ਕੀ ਹੋਇਆ ਤੂੰ ਛੱਡ ਗਈ ਏਂ ਸ਼ਹਿਰ
ਪਰ ਅੱਜ ਵੀ ਵਸਦੇ ਨੇ ਕਈ ਦੀਵਾਨੇ
ਤੇਰੇ ਸ਼ਹਿਰ ਚ'
ਸ਼ਮਾਂ ਰੋਸ਼ਨ ਨਾ ਹੋਈ ਤੇਰੇ ਤੋਂ ਬਾਅਦ ਤੇਰੇ ਜਹੀ
ਉਂਝ ਭਟਕਦੇ ਫਿਰਦੇ ਨੇ ਕਈ ਪਰਵਾਨੇ
ਤੇਰੇ ਸ਼ਹਿਰ ਚ'
ਇੱਕ ਤੂੰ ਹੀ ਤਾਂ ਸੀ ਮੇਰੀ ਆਪਣੀ
ਪਰ ਹੁਣ ਤਾਂ ਵਸਦੇ ਨੇ ਸਭ ਲੋਕ ਬੇਗਾਨੇ
ਤੇਰੇ ਸ਼ਹਿਰ ਚ'
ਪੀਣੀ ਛੱਡ ਦਿੱਤੀ ਮੈਂ ਗੈਰਾਂ ਦੇ ਜਾਮ ਚੋਂ
ਵੈਸੇ ਅੱਜ ਵੀ ਛਲਕਦੇ ਨੇ ਪੈਮਾਨੇ ਤੇਰੇ
ਤੇਰੇ ਸ਼ਹਿਰ ਚ'
ਛਿੜ ਜਾਂਦੇ ਨੇ ਮੇਰੇ ਕਈ ਜ਼ਖਮ ਪੁਰਾਣੇ
ਫਿਰ ਵੀ ਮੈਂ ਰੁਕ ਜਾਵਾਂ ਕਿਸੇ ਬਹਾਨੇ
ਤੇਰੇ ਸ਼ਹਿਰ ਚ'
ਤੈਨੂੰ ਦੁਬਾਰਾ ਪਾਉਣ ਦੀ ਆਸ ਦਿਲ ਚ' ਹੈ
ਪਰ ਟੁੱਟ ਕੇ ਜੁੜਦੇ ਨਹੀਂ ਯਾਰਾਨੇ
ਤੇਰੇ ਸ਼ਹਿਰ ਚ'
ਖੁਸ਼ਮਿਜਾਜ਼ ਹਾਂ ਉਂਝ ਮੈਂ ਯਾਰਾਂ ਚ' ਬਹੁਤ
ਪਰ ਉਦਾਸ ਹੋ ਜਾਂਦੇ ਨੇ 'ਗੁਰਮੀਤ ' ਦੇ ਤਰਾਨੇ
ਤੇਰੇ ਸ਼ਹਿਰ ਚ'